ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Promoters
Kabadi Coach
Referees
Time Keepers
Rules & Regulations of Kabaddi
Kabbadi Academies
Font Download


Your Visitor No is
Visitor Counter by Digits
 

ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਸੀਜ਼ਨ ਦਾ ਪਹਿਲਾ ਕੱਪ ਜਿਤਿਆ।

ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਸੀਜ਼ਨ ਦਾ ਪਹਿਲਾ ਕੱਪ ਜਿਤਿਆ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਖੇਡ ਰਹੇ ਮਾਲਵੇ ਦੇ ਪਿੰਡ ਮਾੜੂ (ਪਟਿਆਲਾ) ਦੇ ਗੁਰਲਾਲ ਘਨੌਰ ਨੂੰ ਵਧੀਆ ਧਾਵੀ ਅਤੇ ਖੁਸ਼ੀ ਦਿੜ੍ਹਬਾ ਪਿੰਡ ਦੁੱਗਾਂ (ਸੰਗਰੂਰ) ਨੂੰ ਵਧੀਆ ਜਾਫੀ ਚੁਣਿਆ ਗਿਆ।

ਟੋਰਾਂਟੋ (ਕੈਨੇਡਾ) ਤੋਂ ਜਸਵੰਤ ਸਿੰਘ ਖੜਗ ਦੀ ਵਿਸ਼ੇਸ਼ ਰਿਪੋਰਟ


ਮਈ ਦੇ ਆਖਰੀ ਐਤਵਾਰ ਨੂੰ ਹੈਮਿਲਟਨ ਦੇ ਬਰਾਇਨ ਟਿਮਿਸ ਸਟੇਡੀਅਮ ਦੀ ਖੁੱਲ੍ਹੀ ਗਰਾਉਂਡ ਵਿੱਚ ਟੋਰਾਂਟੋ ਦੇ ਕਬੱਡੀ ਸੀਜ਼ਨ 2009 ਦਾ ਪਹਿਲਾ ਟੂਰਨਾਮੈਂਟ ਉਂਟਾਰੀਓ ਫੈਡਰੇਸ਼ਨ ਆ/ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਜਿਸ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ, ਵਾਈਸ ਪ੍ਰਧਾਨ ਮੁਖਤਿਆਰ ਬੋਪਾਰਾਏ, ਜਨਰਲ ਸੈਕਟਰੀ ਦਰਸ਼ਨ ਸਿੰਘ ਗਿੱਲ, ਜ਼ੁਆਇੰਟ ਸੈਕਟਰੀ ਜਸ ਸੋਹਲ, ਖਜ਼ਾਨਚੀ ਉਂਕਾਰ ਸਿੰਘ ਗਰੇਵਾਲ, ਰਿਕਾਰਡਿੰਗ ਸੈਕਟਰੀ ਮਨਜੀਤ ਘੋਤੜਾ, ਜ਼ੁਆਇੰਟ ਰਿਕਾਰਡਿੰਗ ਸੈਕਟਰੀ ਹਰਸੇਵਕ ਸਿੰਘ ਦੀ ਸਰਪ੍ਰਸਤੀ ਹੇਠ ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਜਿਸ ਦੇ ਪ੍ਰਧਾਨ ਚੰਨੀ ਮੋਹੀ, ਜਸ ਸੋਹਲ, ਜਗਤਾਰ ਗਿੱਲ, ਅਮਰਜੀਤ ਸਿੰਧੀ, ਅੰਮ੍ਰਿਤ ਗਰੇਵਾਲ, ਸੁੱਖਪਾਲ ਰਟੌਲ, ਬਲਵੀਰ ਅਟਵਾਲ, ਦਰਸ਼ਨ ਧਾਲੀਵਾਲ, ਗੁਰਨਾਮ ਕਲਕੱਟ, ਤਜਿੰਦਰ ਪਿੰਕਾ, ਲਖਵਿੰਦਰ ਬਰਾੜ, ਕਮਲ ਵਿਰਦੀ, ਰੈਂਡੀ ਬੋਪਾਰਾਏ, ਕੁਲਬੀਰ ਢਿੱਲੋਂ, ਗੁਰਦੀਪ ਬਾਬਾ, ਜਸਵੀਰ, ਬਿੱਲੂ ਗਰੇਵਾਲ ਅਤੇ ਦਰਸ਼ਨ ਥਿੰਦ ਵੱਲੋਂ ਬਿਨਾਂ ਟਿਕਟ ਕਰਵਾਇਆ ਗਿਆ। ਇਸ ਸਾਲ ਪੰਜਾਬ ਤੋਂ ਜਿੰਨੇ ਵੀ ਖਿਡਾਰੀ ਕੈਨੇਡਾ ਦੀ ਧਰਤੀ’ਤੇ ਮੈਚ ਖੇਡਣ ਆਏ ਉਹ ਸਾਰੇ ਹੀ ਡਰੱਗ ਟੈਸਟ ਪਾਸ ਕਰਕੇ ਆਏ ਹਨ। ਭਾਵੇਂ ਕਈ ਸਟਾਰ ਅਤੇ ਨਵੇਂ ਖਿਡਾਰੀ ਬੈਨ ਹੋਏ ਜਿਸ ਕਰਕੇ ਇੱਥੇ ਕਲੱਬਾਂ ਵੀ ਸਿਰਫ ਪੰਜ ਹੀ ਬਣੀਆ ਹਨ ਪੀਲ ਪੁਲਿਸ ਦੀ ਟੀਮ ਪਹਿਲਾਂ ਸ਼ੋਅ-ਮੈਚ ਖੇਡਦੀ ਹੁੰਦੀ ਸੀ। ਇਸ ਸਾਲ ਪਹਿਲੀ ਵਾਰ ਟੋਰਾਂਟੋ ਪੁਲਿਸ ਦੀ ਟੀਮ ਬਣੀ ਅਤੇ ਓਪਨ ਕਲੱਬਾਂ ਘੱਟ ਹੋਣ ਕਰਕੇ ਇਸ ਟੀਮ ਨੂੰ ਵੀ ਓਪਨ ਕਲੱਬਾਂ ਵਿੱਚ ਟਰਾਈ ਕਰਨ ਲਈ ਸ਼ਾਮਿਲ ਕੀਤਾ ਗਿਆ। ਜੋ ਇਸ ਸਾਲ ਸਾਰੇ ਟੂਰਾਨਾਮੈਂਟ ਖੇਡੇਗੀ। ਕਲੱਬਾਂ ਘੱਟ ਬਣੀਆ ਹਨ ਪਰ ਸਾਰੀਆਂ ਹੀ ਟੀਮਾਂ ਵਿੱਚ ਵਧੀਆ ਅਤੇ ਨਸ਼ਿਆਂ ਤੋਂ ਰਹਿਤ ਖਿਡਾਰੀ ਆਏ ਹਨ ਇਸ ਲਈ ਸਾਰੀ ਹੀ ਫੈਡਰੇਸ਼ਨ ਵਧਾਈ ਦੀ ਹੱਕਦਾਰ ਹੈ। ਛੇ ਟੀਮਾਂ ਅੰਡਰ 21 ਦੀਆਂ ਬਣੀਆ ਜਿਹਨਾਂ ‘ਚ ਲੋਕਲ ਖਿਡਾਰੀ ਖੇਡ ਰਹੇ ਹਨ।

ਪਹਿਲਾ ਮੈਚ ਮਾਲਟਨ ਅਤੇ ਸ਼ੇਰੇ-ਏ-ਪੰਜਾਬ ਅੰਡਰ 21 ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 23 ਦੇ ਮੁਕਾਬਲੇ 29 ਅੰਕ ਪ੍ਰਾਪਤ ਕਰਕੇ ਸ਼ੇਰੇ-ਏ-ਪੰਜਾਬ ਦੀ ਟੀਮ ਨੇ ਜਿੱਤ ਲਿਆ। ਓਪਨ ਕਲੱਬਾਂ ਦਾ ਪਹਿਲਾ ਮੈਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਅਤੇ ਟੋਰਾਂਟੋ ਪੁਲਿਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੈਟਰੋ ਦੀ ਟੀਮ ਨੇ ਇਹ ਮੈਚ 14 ਦੇ ਮੁਕਾਬਲੇ 50 ਅੰਕ ਪ੍ਰਾਪਤ ਕਰਕੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਦੂਜਾ ਮੈਚ ਉਂਟਾਰੀਓ .ਖਾਲਸਾ ਦਰਬਾਰ (ਓ.ਕੇ.ਡੀ.) ਅਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇੰਟਰਨੈਸ਼ਨਲ ਵੱਲੋਂ ਗੁਰਲਾਲ ਘਨੌਰ, ਹਰਜੋਤ ਗੱਬਰ, ਜੱਸਾ ਸਿੱਧਵਾ ਅਤੇ ਕਾਲਾ ਥਾਂਦੇਵਾਲ ਨੇ ਕਬੱਡੀਆਂ ਪਾਈਆਂ। ਕਾਲਾ ਥਾਂਦੇਵਾਲ ਦੀ ਪਹਿਲੀ ਕਬੱਡੀ ਤੇ ਓ.ਕੇ.ਡੀ. ਦੇ ਜਾਫੀ ਪਾਲਾ ਜਲਾਲਪੁਰ ਨੇ ਜੱਫਾ ਲਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਗੁਰਲਾਲ ਘਨੌਰ ਦੀ ਦੂਜੀ ਕਬੱਡੀ ਤੇ ਫਿਰ ਪਾਲਾ ਜਲਾਲਪੁਰ ਨੇ ਜੱਫਾ ਲਾਇਆ। ਕਾਲਾ ਥਾਂਦੇਵਾਲ ਦੀ ਚੌਥੀ ਕਬੱਡੀ ਤੇ ਸੁੱਖਾ ਭੰਡਾਲ ਦੋਨਾਂ ਨੇ ਅਤੇ ਛੇਵੀਂ ਕਬੱਡੀ ਤੇ ਸੰਦੀਪ ਗੁਰਦਾਸਪੁਰ ਨੇ ਜੱਫਾ ਲਾਇਆ। ਹਰਜੋਤ ਗੱਬਰ ਨੇ ਜਿੱਥੇ ਨਾਨ-ਸਟਾਪ ਕਬੱਡੀਆਂ ਪਾਈਆਂ ਉੱਥੇ ਜੱਸਾ ਸਿੱਧਵਾ ਦੀ ਆਖਰੀ ਕਬੱਡੀ ਤੇ ਪਾਲਾ ਜਲਾਲਪੁਰ ਨੇ ਜੱਫਾ ਲਾਇਆ। ਦੂਜੇ ਪਾਸੇ ਓ.ਕੇ.ਡੀ. ਵੱਲੋਂ ਸੋਨੂੰ ਇਬਰਾਹੀਮ, ਸੰਦੀਪ ਸੁਰਖਪੁਰ ਅਤੇ ਜੌਨੀ ਕੈਲੇਫੋਰਨੀਆ ਨੇ ਕਬੱਡੀਆਂ ਪਾਈਆਂ। ਜੌਨੀ ਕੈਲੇਫੋਰਨੀਆ ਨੂੰ ਮੀਕ ਸਿਆਟਲ, ਬਲਜੀਤ ਸੈਦੋਕੇ ਨੇ ਦੋ-ਦੋ ਜੱਫੇ ਅਤੇ ਸੋਨੀ ਸੁਨੇਤ ਨੇ ਇਕ ਜੱਫਾ ਲਾਇਆ। ਸੋਨੂੰ ਇਬਰਾਹੀਮ ਦੀ ਸੱਤਵੀਂ ਕਬੱਡੀ ਤੇ ਖੁਸ਼ੀ ਦਿੜ੍ਹਬਾ ਅਤੇ ਦਸਵੀਂ ਕਬੱਡੀ ਤੇ ਸੋਨੀ ਸੁਨੇਤ ਨੇ ਜੱਫਾ ਲਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ । ਸੰਦੀਪ ਸੁਰਖਪੁਰ ਨੂੰ ਦੋ ਜੱਫੇ ਮੀਕ ਸਿਆਟਲ ਨੇ ਲਾ ਕੇ ਇਹ ਮੈਚ 25 ਦੇ ਮੁਕਾਬਲੇ 35 ਅੰਕ ਪ੍ਰਾਪਤ ਕਰਕੇ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਲਿਆ।

ਉਸ ਤੋਂ ਬਾਅਦ ਹਰਜੀਤ ਕਲੱਬ ਅਤੇ ਓ.ਕੇ.ਡੀ. ਅੰਡਰ 21 ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ 31 ਦੇ ਮੁਕਾਬਲੇ 33 ਅੰਕ ਪ੍ਰਾਪਤ ਕਰਕੇ ਓ.ਕੇ.ਡੀ. ਦੀ ਟੀਮ ਨੇ ਜਿੱਤ ਲਿਆ। ਪਰ ਬਾਅਦ ਵਿੱਚ ਓ.ਕੇ.ਡੀ. ਦੀ ਟੀਮ ਨੂੰ ਸਕਰੈਚ ਕਰ ਦਿੱਤਾ ਕਿਉਂਕਿ ਉਸ ਟੀਮ ਵਿੱਚ 21 ਸਾਲ ਤੋਂ ਵੱਧ ਉਮਰ ਦਾ ਇੱਕ ਖਿਡਾਰੀ ਖੇਡਿਆ। ਫਿਰ ਓਪਨ ਕਲੱਬ ਦਾ ਤੀਜਾ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਟੋਰਾਂਟੋ ਪੁਲਿਸ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੰਜਾਬ ਸਪੋਰਟਸ ਕਲੱਬ ਦੀ ਟੀਮ ਵਿੱਚ ਧਾਵੀ ਸੁਖਵੀਰ ਸਰਾਵਾਂ, ਚੈਨਾ ਨੱਥੋਕੇ, ਬੱਬੂ ਜਲਾਲ ਅਤੇ ਗੋਲੂ ਝਾੜ ਸਾਹਿਬ ਨੇ ਕਬੱਡੀਆਂ ਪਾਈਆਂ। ਸੇਵਕ ਸਰਾਵਾਂ, ਬਗੀਚਾ ਇੰਦਗੜ੍ਹ, ਅੰਮ੍ਰਿਤਪਾਲ ਜੁਨੇਤਪੁਰਾ, ਸੁੱਖਾ ਵਕੀਲਾਂ ਵਾਲਾ ਅਤੇ ਭਿੰਦਾ ਭੈਰੋਮਾਜਰਾ (ਚਮਕੌਰ ਸਾਹਿਬ) ਨੇ ਜੱਫੇ ਲਾਏ। ਟੋਰਾਂਟੋ ਪੁਲਿਸ ਦੀ ਟੀਮ ਵਿੱਚ ਨਵੇਂ ਖਿਡਾਰੀ ਹੋਣ ਕਰਕੇ ਪੰਜਾਬ ਸਪੋਰਟਸ ਵਾਲੇ ਅਰਾਮ ਨਾਲ ਖੇਡੇ। ਇਸ ਲਈ 24 ਅੰਕਾਂ ਦੇ ਫਰਕ ਨਾਲ ਮੈਚ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਓਪਨ ਕਲੱਬ ਦਾ ਚੌਥਾ ਮੈਚ ਪਹਿਲਾ ਮੈਚ ਹਾਰੀ ਹੋਈ ਟੀਮ ਓ.ਕੇ.ਡੀ. ਅਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਬਾਬਾ ਜਲਾਲਦੀਵਾਲ, ਫਾਂਤੀ ਲਸਾੜਾ, ਹਰਦੀਪ ਕਾਉਂਕੇ ਨੇ ਕਬੱਡੀ ਪਾਈਆਂ। ਬਾਬਾ ਜਲਾਲਦੀਵਾਲ ਦੀ ਚੌਥੀ ਕਬੱਡੀ ਤੇ ਬ੍ਹੀਰਾ ਸਿੱਧਵਾਂ ਦੋਨਾਂ ਨੇ ਇੱਕ ਜੱਫਾ ਲਾਇਆ। ਫਾਂਤੀ ਲਸਾੜਾ ਨੂੰ ਦੋ ਜੱਫੇ ਸੰਦੀਪ ਗੁਰਦਾਸਪੁਰ ਨੇ ਸੁੱਖਾ ਭੰਡਾਲ ਦੋਨਾਂ ਅਤੇ ਪਾਲਾ ਜਲਾਲਪੁਰ ਨੇ ਇੱਕ ਇੱਕ ਜੱਫਾ ਲਾਇਆ। ਹਰਦੀਪ ਕਾਉਂਕੇ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਦੂਜੇ ਪਾਸੇ ਓ.ਕੇ. ਡੀ. ਦੇ ਧਾਵੀ ਸੰਦੀਪ ਸੁਰਖਪੁਰ ਦੀ ਦੂਜੀ ਕਬੱਡੀ ਅਤੇ ਦਸਵੀਂ ਕਬੱਡੀ ਤੇ ਪੰਮਾ ਝੰਡੇਰ ਨੇ ਦੋ ਜੱਫੇ ਲਾ ਕੇ ਬੱਲੇ-ਬੱਲੇ ਕਰਵਾਈ। ਜੌਨੀ ਕੈਲੇਫੋਰਨੀਆ ਦੀ ਦੂਜੀ ਕਬੱਡੀ ਤੇ ਭਾਵੇਂ ਗੁਰਵਿੰਦਰ ਕਾਹਲਵਾਂ ਨੇ ਜੱਫਾ ਲਾਇਆ ਪਰ ਉਸ ਤੋਂ ਬਾਅਦ ਉਸ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਸੋਨੂੰ ਇਬਰਾਹੀਮ ਦੀ ਦੂਜੀ ਕਬੱਡੀ ਤੇ ਸ਼ੁਰਲੀ ਚੁਮਿਆਰਾ ਨੇ ਅਤੇ ਸੱਤਵੀਂ ਕਬੱਡੀ ਤੇ ਪੰਮਾ ਝੰਡੇਰ ਨੇ ਜੱਫਾ ਲਾ ਕੇ ਮੈਚ ਬਰਾਬਰ ਕਰ ਦਿੱਤਾ। ਮੈਚ ਦੀ ਇੱਕ-ਇੱਕ ਕਬੱਡੀ ਬਾਕੀ ਸੀ ਅਤੇ ਦੋਵੇਂ ਟੀਮਾਂ ਦੇ 29-29 ਅੰਕ ਸਨ ਕਿਉਂਕਿ ਟੋਰਾਂਟੋ ਦੀ ਕਬੱਡੀ ਫੈਡਰੇਸ਼ਨ ਨੇ ਪਹਿਲਾ ਅੰਕ ਵੀ ਡੇਢ ਦੀ ਜਗ੍ਹਾ ਇੱਕ ਹੀ ਕਰ ਦਿੱਤਾ। ਓ.ਕੇ.ਡੀ. ਵੱਲੋਂ ਆਖਰੀ ਕਬੱਡੀ ਸੋਨੂੰ ਇਬਰਾਹੀਮ ਨੇ ਪਾਈ ਪਰ ਉਸ ਨੂੰ ਨਿੰਦੀ ਬੇਨੜਾ ਨੇ ਜੱਫਾ ਲਾ ਕੇ ਬਹਿਜਾ-ਬਹਿਜਾ ਕਰਵਾਈ। ਟੋਰਾਂਟੋ ਪੰਜਾਬੀ ਸਪੋਰਟਸ ਵੱਲੋਂ ਆਖਰੀ ਕਬੱਡੀ ਹਰਦੀਪ ਕਾਉਂਕੇ ਨੇ ਪਾ ਕੇ ਟੀਮ ਲਈ ਅੰਕ ਪ੍ਰਾਪਤ ਕੀਤਾ। ਇਸ ਲਈ 29 ਦੇ ਮੁਕਾਬਲੇ 31 ਅੰਕ ਪ੍ਰਾਪਤ ਕਰਕੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਉਸ ਤੋਂ ਬਾਅਦ ਸਪਰਿੰਗਡੇਲ ਅਤੇ ਪੰਜਾਬੀ ਸਪੋਰਟਸ ਕਲੱਬ ਦੀਆਂ ਅੰਡਰ 21 ਦੀਆਂ ਟੀਮਾਂ ਵਿਚਕਾਰ ਪਹਿਲਾ ਸੈਮੀਫਾਈਨਲ ਮੈਚ ਹੋਇਆ। ਇਹ ਮੈਚ 20 ਦੇ ਮੁਕਾਬਲੇ 30 ਅੰਕ ਪ੍ਰਾਪਤ ਕਰਕੇ ਸਪਰਿੰਗਡੇਲ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਓਪਨ ਕਲੱਬਾਂ ਦਾ ਪਹਿਲਾ ਸੈਮੀਫਾਈਨਲ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੰਜਾਬ ਸਪੋਰਟਸ ਕਲੱਬ ਦੀ ਟੀਮ ਵੱਲੋਂ ਧਾਵੀ ਸੁਖਵੀਰ ਸਰਾਵਾਂ, ਚੈਨਾ ਨੱਥੋਕੇ, ਬੱਬੂ ਜਲਾਲ ਅਤੇ ਗੋਲੂ ਝਾੜ ਸਾਹਿਬ ਨੇ ਕਬੱਡੀਆਂ ਪਾਈਆਂ।

ਚੈਨਾ ਨੱਥੋਕੇ ਨੂੰ ਦੋ ਜੱਫੇ ਖੁਸ਼ੀ ਦਿੜ੍ਹਬਾ ਨੇ ਬਲਜੀਤ ਸੈਦੋਕੇ ਅਤੇ ਮੀਕ ਸਿਆਟਲ ਨੇ ਇੱਕ-ਇੱਕ ਜੱਫਾ ਲਾਇਆ। ਬੱਬੂ ਜਲਾਲ ਨੂੰ ਦੋ ਜੱਫੇ ਬਲਜੀਤ ਸੈਦੋਕ ਅਤੇ ਸੋਨੀ ਸੁਨੇਤ ਨੇ ਇੱਕ ਜੱਫਾ ਲਾਇਆ। ਗੋਲੂ ਝਾੜ ਸਾਹਿਬ ਨੂੰ ਮੀਕ ਸਿਆਟਲ ਨੇ ਦੋ ਜੱਫੇ, ਜਾਨੂ ਬੱਸੀਆਂ ਅਤੇ ਖੁਸ਼ੀ ਦਿੜ੍ਹਬਾ ਨੇ ਇੱਕ-ਇੱਕ ਜੱਫਾ ਲਾਇਆ। ਸੁਖਵੀਰ ਸਰਾਵਾਂ ਨੇ ਵਧੀਆ ਕਬੱਡੀਆਂ ਪਾਈਆਂ ਉਸ ਨੂੰ ਸਿਰਫ ਇੱਕ ਜੱਫਾ ਸੋਨੀ ਸੁਨੇਤ ਨੇ ਲਾਇਆ। ਇੰਟਰਨੈਸ਼ਨਲ ਵੱਲੋਂ ਗੁਰਲਾਲ ਘਨੌਰ, ਹਰਜੋਤ ਗੱਬਰ, ਜੱਸਾ ਸਿੱਧਵਾ ਅਤੇ ਕਾਲਾ ਥਾਂਦੇਵਾਲ ਨੇ ਕਬੱਡੀਆਂ ਪਾਈਆਂ। ਕਾਲਾ ਥਾਂਦੇਵਾਲ ਦੀ ਪਹਿਲੀ ਕਬੱਡੀ ਤੇ ਹੀ ਭਿੰਦਾ ਭੈਰੋਮਾਜਰਾ (ਚਮਕੌਰ ਸਾਹਿਬ) ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਪਰ ਹੋਰ ਕੋਈ ਵੀ ਜਾਫੀ ਅੱਧੇ ਸਮੇਂ ਤੱਕ ਜੱਫਾ ਨਹੀਂ ਲਾ ਸਕਿਆ। ਉਸ ਤੋਂ ਬਾਅਦ ਗੁਰਲਾਲ ਘਨੌਰ ਦੀ 9ਵੀਂ ਕਬੱਡੀ ਤੇ ਸੇਵਕ ਸਰਾਵਾਂ ਨੇ ਅਤੇ 10ਵੀਂ ਕਬੱਡੀ ਤੇ ਬਗੀਚਾ ਇੰਦਗੜ੍ਹ ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਕਾਲਾ ਥਾਂਦੇਵਾਲ ਦੀ ਦੂਜੀ ਕਬੱਡੀ ਤੇ ਅੰਮ੍ਰਿਤਪਾਲ ਜੁਨੇਤਪੁਰਾ ਨੇ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰਵਾ ਦਿੱਤੀ। ਹਰਜੋਤ ਗੱਬਰ ਦੀ 11ਵੀਂ ਕਬੱਡੀ ਤੇ ਬਗੀਚਾ ਇੰਦਗੜ੍ਹ ਨੇ ਅਤੇ 12ਵੀਂ ਕਬੱਡੀ ਤੇ ਭਿੰਦਾ ਭੈਰੋਮਾਜਰਾ (ਚਮਕੌਰ ਸਾਹਿਬ) ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਜੱਸਾ ਸਿੱਧਵਾ ਨੇ 14 ਨਾਨ-ਸਟਾਪ ਕਬੱਡੀਆਂ ਪਾਈਆਂ। ਇਹ ਮੈਚ 33 ਦੇ ਮੁਕਾਬਲੇ 45 ਅੰਕ ਪ੍ਰਾਪਤ ਕਰਕੇ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਦੂਜਾ ਸੈਮੀਫਾਈਨਲ ਮੈਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਬਾਬਾ ਜਲਾਲਦੀਵਾਲ, ਫਾਂਤੀ ਲਸਾੜਾ, ਹਰਦੀਪ ਕਾਉਂਕੇ ਅਤੇ ਰਵੀ ਸਰਾਏ ਨੇ ਕਬੱਡੀ ਪਾਈਆਂ। ਮੈਟਰੋ ਦੇ ਜਾਫੀ ਮੰਗੀ ਬੱਗਾ ਨੇ ਤਿੰਨ ਜੱਫੇ ਹਰਦੀਪ ਕਾਉਂਕੇ ਨੂੰ, ਦੋ ਜੱਫੇ ਫਾਂਤੀ ਲਸਾੜਾ ਨੂੰ, ਬਾਬਾ ਜਲਾਲਦੀਵਾਲ ਅਤੇ ਰਵੀ ਸਰਾਏ ਨੂੰ ਇੱਕ-ਇੱਕ ਜੱਫਾ ਲਾ ਕੇ ਕੁਲ 9 ਜੱਫੇ ਲਾਏ। ਗੋਗੋ ਰੁੜਕੀ ਨੇ ਫਾਂਤੀ ਲਸਾੜਾ ਨੂੰ ਤਿੰਨ ਜੱਫੇ, ਬਾਬਾ ਜਲਾਲਦੀਵਾਲ ਨੂੰ ਇੱਕ ਜੱਫਾ ਅਤੇ ਹਰਦੀਪ ਕਾਉਂਕੇ ਦਾ ਇੱਕ ਅੰਕ ਕਾਮਨ ਕੀਤਾ। ਡਮਰੂ ਰੁੜਕੀ ਨੇ ਫਾਂਤੀ ਲਸਾੜਾ, ਬਾਬਾ ਜਲਾਲਦੀਵਾਲ ਅਤੇ ਹਰਦੀਪ ਕਾਉਂਕੇ ਨੂੰ ਇੱਕ-ਇੱਕ ਜੱਫਾ ਲਾਇਆ। ਕਿੰਦਾ ਕਕਰਾਲਾ ਨੇ ਬਾਬਾ ਜਲਾਲਦੀਵਾਲ ਨੂੰ ਇੱਕ ਜੱਫਾ ਅਤੇ ਉਸ ਦਾ ਇੱਕ ਅੰਕ ਕਾਮਨ ਕੀਤਾ। ਦੂਜੇ ਪਾਸੇ ਮੈਟਰੋ ਦੇ ਧਾਵੀ ਕਿੰਦਾ ਬਿਹਾਰੀਪੁਰ ਦੀ 7ਵੀਂ ਕਬੱਡੀ ਤੇ ਸ਼ੁਰਲੀ ਚਮਿਆਰਾ ਨੇ ਅਤੇ 8ਵੀਂ ਕਬੱਡੀ ਤੇ ਪੰਮਾ ਝੰਡੇਰ ਨੇ ਜੱਫਾ ਲਾਇਆ। ਸੁੱਖੀ ਲੱਖਣ-ਕੇ-ਪੱਡਾ ਦੀ 6ਵੀਂ ਅਤੇ 8ਵੀਂ ਕਬੱਡੀ ਤੇ ਗੁਰਵਿੰਦਰ ਕਾਹਲਵਾਂ ਨੇ ਦੋ ਜੱਫੇ ਲਾਏ। ਵੈਲੀ ਚੂਹੜਚੱਕ ਦੀ ਪਹਿਲੀ ਅਤੇ ਦੂਜੀ ਕਬੱਡੀ ਤੇ ਭਾਵੇਂ ਪੰਮਾ ਝੰਡੇਰ ਨੇ ਦੋ ਜੱਫੇ ਲਾਏ ਪਰ ਉਸ ਤੋਂ ਬਾਅਦ ਵੈਲੀ ਕਿਸੇ ਦੇ ਹੱਥ ਨਹੀਂ ਆਇਆ। ਬੋਹੜ ਕੋੜੀ ਨੂੰ ਗੁਰਵਿੰਦਰ ਕਾਹਲਵਾਂ, ਪੰਮਾ ਝੰਡੇਰ ਅਤੇ ਨਿੰਦੀ ਬੇਨੜਾ ਨੇ ਇੱਕ-ਇੱਕ ਜੱਫਾ ਲਾਇਆ। ਇਹ ਮੈਚ 27 ਦੇ ਮੁਕਾਬਲੇ 41 ਅੰਕ ਪ੍ਰਾਪਤ ਕਰਕੇ ਮੈਟਰੋ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਅੰਡਰ 21 ਦਾ ਦੂਜਾ ਸੈਮੀਫਾਈਨਲ ਮੈਚ ਹਰਜੀਤ ਕਲੱਬ ਅਤੇ ਸ਼ੇਰੇ-ਏ-ਪੰਜਾਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 34 ਦੇ ਮੁਕਾਬਲੇ 37 ਅੰਕ ਪ੍ਰਾਪਤ ਕਰਕੇ ਸ਼ੇਰੇ-ਏ-ਪੰਜਾਬ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਅੰਡਰ 21 ਦਾ ਫਾਈਨਲ ਮੈਚ ਸ਼ੇਰੇ-ਏ-ਪੰਜਾਬ ਅਤੇ ਸਪਰਿੰਗਡੇਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ 16 ਦੇ ਮੁਕਾਬਲੇ 21 ਅੰਕ ਪ੍ਰਾਪਤ ਕਰਕੇ ਸਪਰਿੰਗਡੇਲ ਦੀ ਟੀਮ ਨੇ ਜਿੱਤ ਕੇ ਸੀਜ਼ਨ ਦੇ ਪਹਿਲੇ ਕਬੱਡੀ ਕੱਪ ਦੀ ਚੈਪੀਂਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ।

ਹੈਮਿਲਟਨ ਦੇ ਇਸ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੈਟਰੋ ਵੱਲੋਂ ਪਹਿਲੀ ਕਬੱਡੀ ਸੁੱਖੀ ਲੱਖਣ-ਕੇ-ਪੱਡਾ ਨੇ ਪਾਈ ਅਤੇ ਉਸ ਨੂੰ ਇੰਟਰਨੈਸ਼ਨਲ ਦੇ ਜਾਫੀ ਖੁਸ਼ੀ ਦਿੜ੍ਹਬਾ ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਦੂਜੇ ਪਾਸੇ ਹਰਜੋਤ ਗੱਬਰ ਦੀ ਪਹਿਲੀ ਅਤੇ ਪੰਜਵੀਂ ਕਬੱਡੀ ਤੇ ਮੰਗੀ ਬੱਗਾ ਨੇ ਦੋ ਜੱਫੇ ਲਾਏ। ਇੰਟਰਨੈਸ਼ਨਲ ਦੇ ਜਾਫੀ ਖੁਸ਼ੀ ਦਿੜ੍ਹਬਾ ਨੇ ਵੈਲੀ ਚੂਹੜਚੱਕ ਦੀ ਪਹਿਲੀ ਕਬੱਡੀ ਤੇ ਦੂਜਾ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਮੈਟਰੋ ਦੇ ਜਾਫੀ ਗੋਗੋ ਰੁੜਕੀ ਨੇ ਜੱਸਾ ਸਿੱਧਵਾ ਨੂੰ ਦੋ ਜੱਫੇ ਲਗਾਤਾਰ ਲਾਏ। ਗੋਗੋ ਰੁੜਕੀ ਨੇ ਗੁਰਲਾਲ ਘਨੌਰ ਅਤੇ ਕਾਲਾ ਥਾਂਦੇਵਾਲ ਨੂੰ ਵੀ ਇੱਕ-ਇੱਕ ਜੱਫਾ ਲਾਇਆ। ਡਮਰੂ ਸਰਹਾਲ ਮੰਡੀ ਨੇ ਦੋ ਜੱਫੇ ਕਾਲਾ ਥਾਂਦੇਵਾਲ ਨੂੰ ਲਾਏ। ਕਿੰਦਾ ਕਕਰਾਲਾ ਨੇ ਜਿੱਥੇ ਗਰਲਾਲ ਘਨੌਰ ਨੂੰ ਇੱਕ ਜੱਫਾ ਲਾਇਆ, ਉੱਥੇ ਕਾਲਾ ਥਾਂਦੇਵਾਲ ਦਾ ਇੱਕ ਅੰਕ ਕਾਮਨ ਵੀ ਕੀਤਾ। ਅੱਧੇ ਸਮੇਂ ਤੱਕ ਮੈਟਰੋ ਦੇ 17 ਅਤੇ ਇੰਟਰਨੈਸ਼ਨਲ 24 ਅੰਕ ਸਨ। ਇੰਟਰਨੈਸ਼ਨਲ ਦੇ ਜਾਫੀ ਖੁਸ਼ੀ ਦਿੜ੍ਹਬਾ ਜੋ ਪਹਿਲੀ ਵਾਰ ਕੈਨੇਡਾ ਦੀ ਧਰਤੀ’ਤੇ ਆਇਆ ਏ, ਨੇ ਤਾਂ ਕਮਾਲ ਹੀ ਕਰ ਦਿੱਤੀ ਕਿਉਂਕਿ ਉਸ ਨੇ ਤਿੰਨ ਜੱਫੇ ਸੁੱਖੀ ਲੱਖਣ-ਕੇ-ਪੱਡਾ ਨੂੰ, ਚਾਰ ਜੱਫੇ ਵੈਲੀ ਚੂਹੜਚੱਕ ਨੂੰ ਅਤੇ ਦੋ ਜੱਫੇ ਬੋਹੜ ਕੋੜੀ ਨੂੰ ਲਾ ਕੇ ਕੁਲ 9 ਜੱਫੇ ਲਾਏ। ਬਲਜੀਤ ਸੈਦੋਕੇ ਨੇ ਦੋ ਜੱਫੇ ਸੁੱਖੀ ਲੱਖਣ-ਕੇ-ਪੱਡਾ ਨੂੰ ਅਤੇ ਇੱਕ ਜੱਫਾ ਵੈਲੀ ਚੂਹੜਚੱਕ ਨੂੰ ਲਾਇਆ। ਮੀਕ ਸਿਆਟਲ ਨੇ ਕਿੰਦਾ ਬਿਹਾਰੀਪੁਰ ਨੂੰ ਤਿੰਨ ਜੱਫੇ, ਵੈਲੀ ਚੂਹੜਚੱਕ ਅਤੇ ਬੋਹੜ ਕੋੜੀ ਨੂੰ ਇੱਕ-ਇੱਕ ਜੱਫਾ ਲਾ ਕੇ ਕੁੱਲ ਪੰਜ ਜੱਫੇ ਲਾਏ। ਭਾਵੇਂ ਸਾਰਾ ਦਿਨ ਠੰਡੀ-ਠੰਡੀ ਹਵਾ ਚਲਦੀ ਰਹੀ ਪਰ ਕਬੱਡੀ ਮੈਚਾਂ ਵਿੱਚ ਲੱਗਦੇ ਜੱਫਿਆਂ ਨੇ ਦਰਸ਼ਕਾਂ ਨੂੰ ਗਰਮ ਕਰੀ ਰੱਖਿਆ। ਕਿਉਂਕਿ ਫਾਈਨਲ ਮੈਚ ਵਿੱਚ ਦੋਵੇਂ ਪਾਸੇ ਕੁੱਲ 26 ਜੱਫੇ ਲੱਗੇ ਅਤੇ ਇੱਕ ਅੰਕ ਕਾਮਨ ਵੀ ਹੋਇਆ। ਇਹ ਮੈਚ 29 ਦੇ ਮੁਕਾਬਲੇ 44 ਅੰਕ ਪ੍ਰਾਪਤ ਕਰਕੇ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਕੇ ਟੋਰਾਂਟੋ ਦੇ ਕਬੱਡੀ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਜਿੱਤ ਕੇ ਬੱਲੇ-ਬੱਲੇ ਕਰਵਾਈ। ਇੰਟਰਨੈਸ਼ਨਲ ਦੇ ਜਾਫੀ ਖੁਸ਼ੀ ਦਿੜ੍ਹਬਾ ਨੇ ਸੈਮੀਫਾਈਨਲ ਅਤੇ ਫਾਈਨਲ ਮੈਚ ਵਿੱਚ 28 ਵਾਰ ਕੌਸ਼ਿਸ਼ ਕਰਕੇ 12 ਜੱਫੇ ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਚੁਣਿਆ ਗਿਆ। ਇੰਟਰਨੈਸ਼ਨਲ ਦੇ ਧਾਵੀ ਗੁਰਲਾਲ ਘਨੌਰ ਨੇ ਸੈਮੀਫਾਈਨਲ ਅਤੇ ਫਾਈਨਲ ਮੈਚ ਵਿੱਚ 24 ਕਬੱਡੀਆਂ ਪਾ ਕੇ 20 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ ਚੁਣਿਆ ਗਿਆ। ਜੇਤੂ ਟੀਮ ਇੰਟਰਨੈਸ਼ਨਲ ਨੂੰ ਪਹਿਲਾ ਇਨਾਮ ਬਲਵੀਰ ਸਿੰਘ ਅਟਵਾਲ (ਮਸ਼ਰੂਮ ਫਾਰਮ ਵਾਲ਼ੇ) ਵੱਲੋਂ ਸਪਾਂਸਰ ਕੀਤਾ ਅਤੇ ਉੱਪ ਜੇਤੂ ਮੈਟਰੋ ਦੀ ਟੀਮ ਨੂੰ ਦੂਜਾ ਇਨਾਮ ਰੈਂਡੀ ਬੋਪਾਰਾਏ (ਸਕਰੈਪ ਮੈਨ) ਵੱਲੋਂ ਸਪਾਂਸਰ ਕੀਤਾ ਦਿੱਤਾ ਗਿਆ। ਵਧੀਆ ਧਾਵੀ ਅਤੇ ਵਧੀਆ ਜਾਫੀ ਨੂੰ ਵੀ ਕਲੱਬ ਵੱਲੋਂ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ ਗਿਆ।

ਇਸ ਕਬੱਡੀ ਟੂਰਨਾਮੈਂਟ ਵਿੱਚ ਰੈਫਰੀਆਂ ਦੀ ਡਿਊਟੀ ਸਾਬੀ ਜੰਡਿਆਲੀ, ਜੱਸੀ ਸਰਾਏ, ਬਿੰਨਾ ਮਲਕ, ਗੋਪ ਮਜਾਰਾ, ਦਰਸ਼ਨ ਗਿੱਲ, ਨਰਿੰਦਰ ਚਾਹਲ, ਬਿੱਲਾ ਭਿੰਡਰ, ਜਸ ਸੋਹਲ ਨੇ ਨਿਭਾਈ। ਜਿੱਥੇ ਇਸ ਕਬੱਡੀ ਟੂਰਨਾਮੈਂਟ ਦੀ ਕੁਮੈਂਟਰੀ ਪ੍ਰੋ: ਮੱਖਣ ਸਿੰਘ ਹਕੀਮਪੁਰ, ਮੱਖਣ ਅਲੀ, ਸੁਰਜੀਤ ਸਿੰਘ ਕਕਰਾਲੀ, ਇੰਦਰਜੀਤ ਸਿੰਘ ਪੱਡਾ ਅਤੇ ਸੁਖਚੈਨ ਬਰਾੜ ਨੇ ਕਰਕੇ ਦਰਸ਼ਕਾਂ ਦਾ ਦਿਲ ਲਵਾਈ ਰੱਖਿਆ ਉੱਥੇ ਸਟੇਜ਼ ਸਕੱਤਰ ਦੀ ਡਿਊਟੀ ਸੁਖਪਾਲ ਰਟੋਲ ਨੇ ਅਤੇ ਮੈਚਾਂ ਦੀਆਂ ਟਾਈਆਂ ਤੋਂ ਲੇ ਕੇ ਇਨਾਮ ਵੰਡਣ ਤੱਕ ਦੀ ਜਿੰਮੇਵਾਰੀ ਫੈਡਰੇਸ਼ਨ ਜ਼ੁਆਇੰਟ ਸੈਕਟਰੀ ਜਸ ਸੋਹਲ ਨੇ ਨਿਭਾਈ।

ਇਸ ਕਬੱਡੀ ਟੂਰਨਾਮੈਂਟ ਵਿੱਚ ਫੈਡਰੇਸ਼ਨ ਦੀਆਂ ਕਲੱਬਾਂ ਜਿਹਨਾਂ’ਚ ਕੈਨ-ਸਿੱਖ ਸਪੋਰਟਸ ਐਂਡ ਕਲਚਰਲ ਸੈਂਟਰ, ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਕਲੱਬ, ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ, ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ, ਉਂਟਾਰੀਓ ਖਾਲਸਾ ਦਰਬਾਰ ਸਪੋਰਟਸ ਐਂਡ ਕਲਚਰਲ ਸੈਂਟਰ, ਪੰਜਾਬ ਸਪੋਰਟਸ ਕਲੱਬ, ਸਪਰਿੰਗਡੇਲ ਸਪੋਰਟਸ ਐਂਡ ਕਲਚਰਲ ਕਲੱਬ, ਟੋਰਾਂਟੋ ਪੰਜਾਬੀ ਸਪੋਰਟਸ ਕਲੱਬ, ਯੁਨਾਈਟਿਡ ਸਪੋਰਟਸ ਕਲੱਬ, ਯੰਗ ਸਪੋਰਟਸ ਐਂਡ ਕਲਚਰਲ ਟੋਰਾਂਟੋ, ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ, ਮੈਟਰੋ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ, ਮਾਲਟਨ ਸਪੋਰਟਸ ਕਲੱਬ, ਹਰਜੀਤ ਸਪੋਰਟਸ ਕਲੱਬ ਅਤੇ ਟੋਰਾਂਟੋ ਪੁਲਿਸ ਕਬੱਡੀ ਟੀਮ ਦੇ ਤਕਰੀਬਨ ਸਾਰੇ ਹੀ ਮੈਂਬਰ ਪਹੁੰਚੇ ਹੋਏ ਸਨ ਉੱਥੇ ਪੰਜਾਬੀ ਮੀਡੀਏ ਦੇ ਕਾਫੀ ਸੱਜਣ ਅਤੇ ਕਬੱਡੀ ਪ੍ਰਮੋਟਰ ਪਹੁੰਚੇ ਹੋਏ ਸਨ ਜਿਹਨਾਂ ਦਾ ਹੈਮਿਲਟਨ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਮੁੱਖ ਮਹਿਮਾਨਾਂ ਵਿੱਚ ਹੈਮਿਲਟਨ ਸਟੋਨੀ ਕਰੀਕ ਦੇ ਮੈਂਬਰ ਪਾਰਲੀਮੈਂਟ ਮਿਸਟਰ ਵੇਨ ਮਾਰਸਟਨ , ਹੈਮਿਲਟਨ ਦੇ ਰਹਿ ਚੁੱਕੇ ਮੇਅਰ ਲੈਰੀ ਡਿਆਨੀ ਅਤੇ ਪੰਜਾਬੀ ਭਾਈਚਾਰੇ ਦੇ ਮੈਂਬਰ ਪਾਰਲੀਮੈਂਟ ਟਿੱਮ ਉੱਪਲ ਵੀ ਵਿਸ਼ੇਸ਼ ਤੌਰ’ਤੇ ਪਹੁੰਚੇ ਹੋਏ ਸਨ। ਇਸ ਕਬੱਡੀ ਟੂਰਨਾਮੈਂਟ ਵਿੱਚ ਪੰਜਾਬ ਦੇ ਟੂਰਨਾਮੈਂਟਾਂ ਤੋਂ ਵੱਖਰੀ ਗੱਲ ਇਹ ਸੀ ਕਿ ਮੈਦਾਨ ਵਿੱਚ ਦੋਵੇਂ ਟੀਮਾਂ ਦੇ 10-10 ਖਿਡਾਰੀ, ਟੀਮ ਦਾ ਕੋਚ ਅਤੇ ਟੀਮ ਦੇ ਮੈਨੇਜਰ ਨੂੰ ਹੀ ਖੇਡ ਮੈਦਾਨ ਵਿੱਚ ਜਾ ਸਕਦੇ ਸਨ ਉਹਨਾਂ ਦੇ ਨਾਲ ਸਿਰਫ ਰੈਫਰੀ ਹੀ ਖੇਡ ਮੈਦਾਨ ਵਿੱਚ ਸਨ। ਜਿਸ ਕਰਕੇ ਦਰਸ਼ਕਾਂ ਨੇ ਮੈਚਾਂ ਦਾ ਭਰਪੂਰ ਆਨੰਦ ਮਾਣਿਅ।

ਮੈਂ ਉਂਟਾਰੀਓ ਫੈਡਰੇਸ਼ਨ ਆ/ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਦੀ ਬਦੌਲਤ ਮੈਂਨੂੰ ਟੋਰਾਂਟੋ ਦੇ ਕਬੱਡੀ ਕਲੱਬਾਂ ਅਤੇ ਖਿਡਾਰੀਆਂ ਦੇ ਰਿਕਾਰਡ ਬਣਾਉਣ ਦਾ ਮੌਕਾ ਮਿਲਿਆ। ਕੁਲ ਮਿਲਾ ਕੇ ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਸਫਲ ਰਿਹਾ। ਇਸ ਲਈ ਕਲੱਬ ਦੇ ਸਾਰੇ ਮੈਂਬਰ ਵਧਾਈ ਦੇ ਹੱਕਦਾਰ ਹਨ। ਹੈਮਿਲਟਨ ਪੰਜਾਬੀ ਸਪੋਰਟਸ ਦੇ ਸਾਰੇ ਹੀ ਮੈਂਬਰ ਹੈਮਿਲਟਨ ਵਰਗੇ ਭਾਵੇਂ ਛੋਟੋ ਜਿਹੇ ਸ਼ਹਿਰ ਵਿੱਚ ਰਹਿੰਦੇ ਹਨ ਪਰ ਇਹਨਾਂ ਦੀ ਹਿੰਮਤ ਅਤੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਜਿਹਨਾਂ ਨੂੰ 2008 ਦਾ ਵਰਲਡ ਕਬੱਡੀ ਕੱਪ ਟੋਰਾਂਟੋ ਕਰਾਉਣ ਦਾ ਵੀ ਮਾਣ ਪ੍ਰਾਪਤ ਹੈ ਅਤੇ ਟੋਰਾਂਟੋ ਦੇ ਕਬੱਡੀ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਕਰਾਉਣ ਦਾ ਮਾਣ ਮਿਲਿਆ। ਜਦੋਂ ਤੋਂ ਇਸ ਕਲੱਬ ਨੇ ਟੂਰਨਾਮੈਂਟ ਕਰਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਬਲਕਿ ਹਰੇਕ ਸਾਲ ਵਧੀਆ ਸਟੇਡੀਅਮ ਵਿੱਚ ਵਧੀਆ ਟੂਰਨਾਮੈਂਟ ਕਰਵਾ ਕੇ ਵਾਹ-ਵਾਹ ਖੱਟਦੇ ਹਨ।

E-mail:- kharagkillahans@sify.com
Phone:- 001-905-216-2764

 

 

 

Copyrights: All rights reserved, including the right to reproduce this site in any form whatsoever