ਘੋਲੀਆ
ਕਲਾਂ ਦੇ ਕਬੱਡੀ ਕੱਪ ‘ਤੇ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਅਕੈਡਮੀ ਮੋਗਾ
ਦੀ ਟੀਮ ਬਣੀ ਚੈਂਪੀਅਨ।
ਜੇਤੂ ਟੀਮ ਦੇ ਪਿੰਦੀ ਰੌਲੀ ਨੂੰ ਵਧੀਆ ਧਾਵੀ ਅਤੇ ਬਾਜਾ ਮੱਲਣ ਨੂੰ ਵਧੀਆ
ਜਾਫੀ ਚੁਣਿਆ ਗਿਆ।
28 ਦਸੰਬਰ 2008 ਨੂੰ ਸ਼ਹੀਦ ਘੀਲਾ ਸਿੰਘ ਸਪੋਰਟਸ
ਕਲੱਬ (ਰਜਿ:) ਘੋਲੀਆ ਕਲਾਂ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ
ਦੇ ਸਹਿਯੋਗ ਨਾਲ ਦੂਜਾ ਇੰਟਰਨੈਸ਼ਨਲ ਕਬੱਡੀ ਕੱਪ ਪਿੰਡ ਘੋਲੀਆ
ਕਲਾਂ (ਮੋਗਾ) ਵਿਖੇ 1971 ਦੇ ਸ਼ਹੀਦ ਨਾਇਕ ਘੀਲਾ ਸਿੰਘ ਦੀ ਯਾਦ ਵਿੱਚ ਕਰਵਾਇਆ
ਗਿਆ। ਇਸ ਕਬੱਡੀ ਕੱਪ ਵਿੱਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ 8
ਕਬੱਡੀ ਅਕੈਡਮੀਆਂ ਨੇ ਭਾਗ ਲਿਆ। ਪਹਿਲਾ ਮੈਚ ਹਰਜੀਤ ਫਰੈਂਡਜ਼ ਕਬੱਡੀ ਅਕੈਡਮੀ
ਪੱਤੋਂਹੀਰਾ ਅਤੇ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀਆਂ ਟੀਮਾਂ
ਵਿਚਕਾਰ ਕਰਵਾਇਆ ਗਿਆ। ਇਹ ਮੈਚ ਭਾਵੇਂ ਬਹੁਤ ਹੀ ਫਸਵਾਂ ਚੱਲਿਆ ਪਰ ਅਖੀਰ
ਵਿੱਚ ਪੰਜ ਅੰਕਾਂ ਦੇ ਫਰਕ ਨਾਲ ਹਰਜੀਤ ਫਰੈਂਡਜ਼ ਕਬੱਡੀ ਅਕੈਡਮੀ ਪੱਤੋਂਹੀਰਾ
ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
ਦੂਜਾ ਮੈਚ ਹਰਜੀਤ ਕਬੱਡੀ ਅਕੈਡਮੀ ਬਾਜਾਖਾਨਾ ਅਤੇ ਦਸਮੇਸ਼ ਕਬੱਡੀ ਅਕੈਡਮੀ
ਕਾਲਖ ਦੀਆਂ ਟੀਮਾਂ ਵਿਚਕਾਰ ਹੋਇਆ। ਇਹ ਮੈਚ 8 ਅੰਕਾਂ ਦੇ ਫਰਕ ਨਾਲ ਦਸਮੇਸ਼
ਕਬੱਡੀ ਅਕੈਡਮੀ ਕਾਲਖ ਦੀ ਟੀਮ ਨੇ ਜਿੱਤ ਲਿਆ।
ਤੀਜਾ ਮੈਚ ਮੀਰੀਪੀਰੀ ਕਬੱਡੀ ਅਕੈਡਮੀ ਅਮਰੀਕਾ ਅਤੇ ਹਰਜੀਤ ਤਲਵਾਰ ਕਬੱਡੀ
ਅਕੈਡਮੀ ਜਗਰਾਉਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਬਹੁਤ ਹੀ
ਕਾਂਟੇਦਾਰ ਸੀ ਸਿਰਫ ਅੱਧੇ ਅੰਕ ਦੇ ਫਰਕ ਨਾਲ ਮੀਰੀਪੀਰੀ ਕਬੱਡੀ ਅਕੈਡਮੀ
ਅਮਰੀਕਾ ਦੀ ਟੀਮ ਨੇ ਜਿੱਤ ਲਿਆ।
ਚੌਥਾ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਦਸਮੇਸ਼ ਕਲੱਬ ਕਪੂਰਥਲਾ
ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅੱਧੇ ਸਮੇਂ ਤੱਕ ਮੋਗਾ ਦੇ 15 ਅਤੇ
ਕਪੂਰਥਲਾ ਦੇ ਸਾਢੇ 15 ਅੰਕ ਸਨ ਪਰ ਬਾਅਦ ਵਿੱਚ ਮੋਗਾ ਦੇ ਜਾਫੀਆਂ ਨੇ ਜੱਫੇ
ਲਾ ਕੇ ਇਹ ਮੇਚ ਸਾਢੇ 7 ਅੰਕਾਂ ਦੇ ਫਰਕ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ
ਪ੍ਰਵੇਸ਼ ਕੀਤਾ।
ਪਹਿਲਾ ਸੈਮੀਫਾਈਨਲ ਮੈਚ ਮੀਰੀਪੀਰੀ ਅਤੇ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ
ਖੇਡਿਆ ਗਿਆ। ਮੀਰੀਪੀਰੀ ਵੱਲੋਂ ਦੁੱਲਾ ਸੁਰਖਪੁਰੀਆ ਨੇ ਨਾਨ ਸਟਾਪ ਕਬੱਡੀਆਂ
ਪਾਈਆਂ ਅਤੇ ਸੰਦੀਪ ਸੁਰਖਪੁਰੀਆ ਨੂੰ ਅੰਮ੍ਰਿਤਪਾਲ ਜੁਨੇਤਪੁਰਾ ਨੇ ਇੱਕ
ਜੱਫਾ ਲਾਇਆ। ਤੇਜੀ ਲੱਖਣ-ਕੇ-ਪੱਡਾ ਨੂੰ ਅੰਮ੍ਰਿਤਪਾਲ ਜੁਨੇਤਪੁਰਾ ਅਤੇ
ਸੁੱਖਾ ਵਕੀਲਾਂ ਵਾਲਾ ਨੇ ਇੱਕ-ਇੱਕ ਜੱਫਾ ਲਾਇਆ। ਤਾਰ ਲੰਡੇ ਨੇ ਇੱਕ ਜੱਫਾ
ਬਿੱਕਾ ਤਲਵੰਡੀ ਚੌਧਰੀਆ ਨੂੰ ਲਾਇਆ। ਦੂਜੇ ਪਾਸੇ ਪੱਤੋਹੀਰਾ ਦੇ ਧਾਵੀ ਬੱਬੂ
ਜਲਾਲ ਦੀ ਪਹਿਲੀ ਕਬੱਡੀ ਤੇ ਸੁੱਖਾ ਭੰਡਾਲ ਦੋਨਾਂ ਨੇ ਜੱਫਾ ਲਾ ਕੇ ਉਸ
ਦੀ ਕਬੱਡੀ ਬੰਦ ਕਰਵਾ ਦਿੱਤੀ। ਚੈਨਾ ਨੱਥੋਕੇ, ਗਗਨੀ ਸੂਸ਼ਕ, ਸੱਤਾ ਮਾਣੂੰਕੇ,
ਬਿੰਦਰ ਸੂਜਾਪੁਰ ਨੇ ਪੱਤੋਹੀਰਾ ਵੱਲੋਂ ਕਬੱਡੀਆਂ ਪਾਈਆਂ। ਮੀਰੀਪੀਰੀ ਦੇ
ਜਾਫੀ ਗੁਰਵਿੰਦਰ ਕਾਹਲਵਾਂ ਨੇ ਅਤੇ ਸੁੱਖਾ ਭੰਡਾਲ ਦੋਨਾਂ ਨੇ ਤਿੰਨ-ਤਿੰਨ
ਜੱਫੇ, ਭੂਰਾ ਘੜੂੰਆ ਅਤੇ ਹਨੀਫ ਮਹੁੰਮਦ ਨੇ ਇੱਕ-ਇੱਕ ਜੱਫਾ ਲਾ ਕੇ ਇਹ
ਮੈਚ 6 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਕਾਲਖ ਅਤੇ ਮੋਗਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਕਾਲਖ ਦੇ ਧਾਵੀ ਜੋਗੀ ਦੇਧਨਾਂ, ਮਾਣਕ ਜੋਧਾਂ,
ਪ੍ਰਿਤਪਾਲ ਮੋਹੀ, ਰਿੰਕੀ ਕਾਲਖ, ਚੈਨੀ ਲਸਾੜਾ ਨੂੰ ਮੋਗਾ ਦੇ ਜਾਫੀ ਬਾਜਾ
ਮੱਲਣ ਨੇ ਚਾਰ ਜੱਫੇ, ਮੀਕਾ ਭੇਖਾ ਨੇ ਤਿੰਨ, ਗੋਰਾ ਭੜਾਣਾ, ਪਾਲ ਹਠੂਰ,
ਰਿੱਕੀ ਨੱਥੋਕੇ ਨੇ ਦੋ-ਦੋ ਜੱਫੇ ਲਾਏ। ਜਿੱਥੇ ਮੋਗਾ ਦੇ ਜਾਫੀ ਵਧੀਆ ਖੇਡੇ
ਉੱਥੇ ਧਾਵੀਆਂ ‘ਚ ਪਿੰਦੀ ਰੌਲੀ, ਬੀਤਾ ਖੋਸਾ, ਅਮਨਾ ਹਠੂਰ, ਜੱਸ ਗੱਗੜਾ,
ਨੀਲਾ ਸੈਦੋਕੇ ਨੇ ਵੀ ਵਧੀਆ ਖੇਡ ਵਿਖਾਈ ਕਿਉਂਕਿ ਕਾਲਖ ਦੇ ਜਾਫੀ ਰਾਜਾ
ਰਾਏਸਰ ਨੇ ਤਿੰਨ ਜੱਫੇ, ਗੁਰਪ੍ਰੀਤ ਬੇਰਖੁਰਦ ਅਤੇ ਹਰਜੀਤ ਚਹਿਲ ਨੇ ਇੱਕ-ਇੱਕ
ਜੱਫਾ ਲਾਇਆ ਜੋ ਮੈਚ ਜਿੱਤਣ ਲਈ ਕਾਫੀ ਨਹੀਂ ਸੀ। ਇਹ ਮੈਚ 16 ਅੰਕਾਂ ਦੇ
ਵੱਡੇ ਫਰਕ ਨਾਲ ਮੋਗਾ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਕਬੱਡੀ ਓਪਨ ਦਾ ਫਾਈਨਲ ਮੈਚ ਕਰਵਾਇਆ ਗਿਆ ਉਸ
ਤੋਂ ਬਾਅਦ ਕਬੱਡੀ ਅਕੈਡਮੀਆਂ ਦਾ ਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ
ਮੋਗਾ ਅਤੇ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਮੋਗਾ ਵੱਲੋਂ ਪਿੰਦੀ ਰੌਲੀ ਨੇ ਜਿੱਥੇ ਨਾਨ-ਸਟਾਪ ਕਬੱਡੀਆਂ ਪਾਈਆਂ
ਉੱਥੇ ਬੀਤਾ ਖੋਸਾ ਨੂੰ ਵੀ ਇੱਕ ਜੱਫਾ ਗੁਰਵਿੰਦਰ ਕਾਹਲਵਾਂ ਨੇ ਲਾਇਆ। ਮੋਗਾ
ਦੇ ਧਾਵੀ ਅਮਨਾ ਹਠੂਰ ਨੂੰ ਗੁਰਵਿੰਦਰ ਕਾਹਲਵਾਂ ਨੇ ਦੋ ਜੱਫੇ, ਸੁੱਖਾ ਭੰਡਾਲ
ਦੋਨਾਂ ਨੇ ਇੱਕ ਜੱਫਾ ਅਤੇ ਭੂਰਾ ਘੜੂੰਆ ਨੇ ਉਸ ਦਾ ਇੱਕ ਅੰਕ ਕਾਮਨ ਕੀਤਾ।
ਗੋਗੀ ਸੈਦੋਕੇ ਨੂੰ ਸੁੱਖਾ ਭੰਡਾਲ ਦੋਨਾਂ ਨੇ ਦੋ ਜੱਫੇ ਲਾਏ। ਜਿਸ ਤਰ੍ਹਾਂ
ਮੋਗਾ ਦੇ ਧਾਵੀਆਂ ਨੇ ਵਧੀਆ ਖੇਡ ਵਿਖਾਈ ਉਸੇ ਤਰ੍ਹਾਂ ਮੋਗਾ ਦੇ ਜਾਫੀਆਂ
ਨੇ ਵੀ ਕਮਾਲ ਕਰ ਦਿੱਤੀ ਕਿਉਂਕਿ ਉਹਨਾਂ ਨੇ ਦੁਨੀਆ ਦੇ ਸਟਾਰ ਧਾਵੀ ਦੁੱਲਾ
ਸੁਰਖਪੁਰੀਆ ਨੂੰ ਬਾਜਾ ਮੱਲਣ ਨੇ ਦੋ, ਰਿੱਕੀ ਨੱਥੋਕੇ ਅਤੇ ਪਾਲ ਹਠੂਰ ਨੇ
ਇੱਕ-ਇੱਕ ਜੱਫਾ ਲਾ ਕੇ ਕੁੱਲ ਚਾਰ ਜੱਫੇ ਲਾਏ। ਸੰਦੀਪ ਸੁਰਖਪੁਰੀਆ ਨੂੰ
ਮੀਕਾ ਭੇਖਾ ਨੇ ਦੋ-ਵਾਰ ਰੋਕਿਆ। ਬਿੱਕਾ ਤਲਵੰਡੀ ਚੌਧਰੀਆ ਨੂੰ ਦੋ ਵਾਰ
ਬਾਜਾ ਮੱਲਣ ਨੇ ਰੋਕਿਆ। ਤੇਜੀ ਲੱਖਣ-ਕੇ-ਪੱਡਾ ਨੂੰ ਮੀਕਾ ਭੇਖਾ ਅਤੇ ਬਾਜਾ
ਮੱਲਣ ਨੇ ਇੱਕ-ਇੱਕ ਵਾਰ ਰੋਕ ਕੇ ਇਹ ਮੈਚ ਸਾਢੇ 7 ਅੰਕਾਂ ਦੇ ਫਰਕ ਨਾਲ
ਮੀਰੀਪੀਰੀ ਦੀ ਟੀਮ ਨੂੰ ਹਰਾ ਕੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ
ਟੀਮ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ। ਮੋਗਾ ਦੇ ਧਾਵੀ ਪਿੰਦੀ ਰੌਲੀ ਨੂੰ
ਵਧੀਆ ਧਾਵੀ ਅਤੇ ਚੁਣਿਆ ਗਿਆ ਅਤੇ ਜਾਫੀ ਬਾਜਾ ਮੱਲਣ ਨੇ ਪੰਜ ਜੱਫੇ ਲਾਏ
ਇਸ ਲਈ ਉਸ ਨੂੰ ਵਧੀਆ ਜਾਫੀ ਚੁਣਿਆ ਗਿਆ। ਇਸ ਫਾਈਨਲ ਮੈਚ ਵਿੱਚ ਹਰਪ੍ਰੀਤ
ਕੈਨੇਡਾ, ਸਰਪੰਚ ਗੁਰਸੇਵਕ ਸਿੰਘ ਘੋਲੀਆ ਕਲਾਂ, ਸ਼ਿੰਦਾ ਘੋਲੀਆ ਕਲਾਂ, ਪ੍ਰਧਾਨ
ਪਿੰਕਾ, ਸਰਪੰਚ ਵਿਸਾਖੀ ਅਤੇ ਹੋਰ ਪ੍ਰਮੋਟਰਾਂ ਨੇ ਨੋਟਾਂ ਦੀ ਵਰਖਾ ਕੀਤੀ।
ਜੇਤੂ ਟੀਮ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ ਟੀਮ ਨੂੰ ਸ. ਜੋਰਾ
ਸਿੰਘ ਗਿੱਲ ਦੇ ਸਮੂਹ ਪਰਿਵਾਰ ਵੱਲੋਂ ਇੱਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ
ਗਿਆ। ਦੂਜੇ ਨੰਬਰ ਤੇ ਰਹੀ ਮੀਰੀਪੀਰੀ ਦੀ ਟੀਮ ਨੂੰ ਸਵ: ਸਾਧੂ ਸਿੰਘ ਗਿੱਲ
ਦੇ ਸਮੂਹ ਪਰਿਵਾਰ ਵੱਲੋਂ 75,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਕਬੱਡੀ
ਇੱਕ ਪਿੰਡ ਓਪਨ ਦਾ 35,000 ਰੁਪਏ ਦਾ ਨਕਦ ਇਨਾਮ ਸਵ. ਮੇਜਰ ਸਿੰਘ ਗਿੱਲ
ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਕਬੱਡੀ ਓਪਨ ਦਾ ਦੂਜਾ ਇਨਾਮ ਸਵ. ਬਚਿੱਤਰ
ਸਿੰਘ ਗਿੱਲ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ 30,000 ਰੁਪਏ ਦਾ
ਨਕਦ ਇਨਾਮ ਦਿੱਤਾ ਗਿਆ। ਕਬੱਡੀ 50 ਕਿੱਲੋਂ ਦਾ ਪਹਿਲਾ ਅਤੇ ਦੂਜਾ ਇਨਾਮ
ਸਵ. ਬਲਦੇਵ ਸਿੰਘ ਗਿੱਲ ਦੀ ਯਾਦ ਵਿੱਚ ਉਨ੍ਹਾਂ ਦੇ ਸਮੂਹ ਪਰਿਵਾਰ 14,000
ਰੁਪਏ ਰੁਪਏ ਦਿੱਤਾ ਗਿਆ। ਸ਼ਹੀਦ ਨਾਇਕ ਘੀਲਾ ਸਿੰਘ ਦੀ ਯਾਦ ਵਿੱਚ ਉਹਨਾਂ
ਦੇ ਪਰਿਵਾਰ ਵੱਲੋਂ 24,000 ਰੁਪਏ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਜਿਨ੍ਹਾਂ ਐਨ.ਆਰ.ਆਈ. ਵੀਰਾਂ ਨੇ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼
ਸਹਿਯੋਗ ਦਿੱਤਾ। ਉਨ੍ਹਾਂ ਦੇ ਪਰਿਵਾਰ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ
ਕੀਤਾ ਗਿਆ। ਇਸ ਕਬੱਡੀ ਕੱਪ ਵਿੱਚ ਵੈਨਕੂਵਰ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ
ਰਾਜ ਬੱਧਨੀ, ਐਮ.ਐੱਲ.ਏ. ਪੀਟਰ ਸੰਧੂ (ਮਨਾਵਾ), ਜੰਗਬਹਾਦਰ ਸਿੰਘ ਵੀ ਕੈਨੇਡਾ
ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਅੰਤਰਰਾਸ਼ਟਰੀ ਕੁਮੈਂਟੇਟਰ ਮੱਖਣ ਅਲੀ ਅਤੇ
ਰੁਪਿੰਦਰ ਜਲਾਲ ਨੇ ਕੀਤੀ ਉਨ੍ਹਾਂ ਦੇ ਨਾਲ ਉੱਭਰਦੇ ਕੁਮੈਂਟੇਟਰ ਦਿਲਬਾਗ
ਸਿੰਘ ਗੱਜਣਵਾਲ ਨੇ ਵੀ ਹਾਜ਼ਰੀ ਲਗਵਾਈ। ਰੈਫਰੀਆਂ ਡੀ ਡਿਊਟੀ ਕਬੱਡੀ ਕੋਚ
ਹਰਪ੍ਰੀਤ ਬਾਬਾ, ਕੋਚ ਕਾਲਾ ਮਾਂਦਪੁਰ, ਕੋਚ ਸਾਧੂ ਸਿੰਘ ਬਰਾੜ, ਕੋਚ ਜਗਤਾਰ
ਸਿੰਘ ਧਨੌਲਾ ਨੇ ਨਿਭਾਈ ਅਤੇ ਟਾਈਮ ਕੀਪਰ ਦੀ ਡਿਊਟੀ ਬਿਕ੍ਰਮਜੀਤ ਸਿੰਘ
ਘੋਲੀਆ ਕਲਾਂ ਨੇ ਨਿਭਾਈ। ਇਸ ਕਬੱਡੀ ਕੱਪ ਵਿੱਚ ਪੰਜਾਬ ਕਬੱਡੀ ਅਕੈਡਮੀਜ਼
ਐਸੋਸੀਏਸ਼ਨ ਵੱਲੋਂ ਕਬੱਡੀ ਖਿਡਾਰੀ ਸੁੱਖਾ ਗਾਲਿਬ ਰਣ ਸਿੰਘ ਨੂੰ 31 ਹਜ਼ਾਰ
ਰੁਪਏ ਦੀ ਸਹਾਇਤਾ ਦਿੱਤੀ ਕਿਉਂਕਿ ਸੁੱਖਾ ਗਾਲਿਬ ਰਣ ਸਿੰਘ ਦੇ ਕੁਝ ਦਿਨ
ਪਹਿਲਾਂ ਸੱਟ ਲੱਗ ਗਈ ਸੀ। ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਵਾਲੇ ਸ਼ਹੀਦ
ਘੀਲਾ ਸਿੰਘ ਸਪੋਰਟਸ ਕਲੱਬ (ਰਜਿ:), ਐਨ.ਆਰ.ਆਈ. ਵੀਰਾਂ ਅਤੇ ਸਮੂਹ ਪਿੰਡ
ਵਾਸੀ ਘੋਲੀਆਂ ਕਲਾਂ (ਮੋਗਾ) ਦੇ ਸਾਰੇ ਹੀ ਪ੍ਰਬੰਧਕ ਵਧਾਈ ਦੇ ਪਾਤਰ ਹਨ
ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਕਬੱਡੀ ਕੱਪ ਨੂੰ ਨੇਪਰੇ ਚਾੜ੍ਹਿਆ।
ਜਸਵੰਤ ਸਿੰਘ ਖੜਗ
98146-66057
|