ਤੀਜੇ
ਚਮਕੌਰ ਸਾਹਿਬ ਦੇ ਕਬੱਡੀ ਕੱਪ ‘ਤੇ ਦਸਮੇਸ਼ ਕਲੱਬ ਨਕੋਦਰ ਦੀ ਟੀਮ ਬਣੀ ਚੈਂਪੀਅਨ।
ਗੁਰਲਾਲ ਘਨੌਰ ਨੂੰ ਵਧੀਆ ਧਾਵੀ ਅਤੇ ਮੀਕਾ ਪਾਸਲਾ ਨੂੰ ਵਧੀਆ ਜਾਫੀ ਚੁਣਿਆ
ਗਿਆ।
11 ਜਨਵਰੀ 2009 ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ,
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਚਮਕੌਰ ਸਾਹਿਬ ਵੱਲੋਂ ਚਮਕੌਰ
ਸਾਹਿਬ ਦੀ ਪਵਿੱਤਰ ਧਰਤੀ ‘ਤੇ ਤੀਜਾ ਕਬੱਡੀ ਕੱਪ ਕਰਵਾਇਆ ਗਿਆ।
ਪਹਿਲਾ ਮੈਚ ਸ਼ੇਰੇ ਪੰਜਾਬ
ਕਬੱਡੀ ਕਲੱਬ ਜਲੰਧਰ ਅਤੇ ਗੁਰੂ ਨਾਨਕ ਕਲੱਬ ਗੁਰਦਾਸਪੁਰ ਦੀਆਂ ਟੀਮਾਂ ਵਿਚਕਾਰ
ਕਰਵਾਇਆ
ਗਿਆ। ਇਹ ਮੈਚ 10 ਅੰਕਾਂ ਦੇ ਫਰਕ ਨਾਲ ਗੁਰਦਾਸਪੁਰ ਦੀ ਟੀਮ ਨੇ ਜਿੱਤ ਲਿਆ।
ਦੂਜਾ ਮੈਚ ਬਾਬਾ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ ਅਤੇ ਦਸਮੇਸ਼ ਕਲੱਬ
ਗੁਰਾਇਆਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ
ਨਾਲ ਪਰਸਰਾਮਪੁਰ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਦਸਮੇਸ਼ ਕਲੱਬ ਨਕੋਦਰ
ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਕਬੱਡੀ
ਕਲੱਬ ਚਮਕੌਰ ਸਾਹਿਬ ਬੀ ਦੀ ਟੀਮ ਨਾਲ ਹੋਇਆ। ਚਮਕੌਰ ਸਾਹਿਬ ਬੀ ਦੀ ਟੀਮ
ਦੇ ਖਿਡਾਰੀ ਇਸ ਲਈ ਖੇਡੇ ਕਿਉਂਕਿ ਨਾਰਵੇ ਦੀ ਟੀਮ ਸਮੇਂ ਸਿਰ ਨਹੀਂ ਪਹੁੰਚੀ।
ਇਹ ਮੈਚ ਆਸਾਨੀ ਨਾਲ ਨਕੋਦਰ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਸ਼ਹੀਦ ਬਚਨ
ਸਿੰਘ ਕਬੱਡੀ ਕਲੱਬ ਦਿੜ੍ਹਬਾ ਅਤੇ ਚਮਕੌਰ ਸਾਹਿਬ ਦੀਆਂ ਟੀਮਾਂ ਵਿਚਕਾਰ
ਖੇਡਿਆ ਗਿਆ। ਚਮਕੌਰ ਸਾਹਿਬ ਵੱਲੋਂ ਗੋਲੂ ਝਾੜ ਸਾਹਿਬ, ਗੋਲੂ ਘਨੌਰ, ਚੈਨਾ
ਰੋਡੀਵਾਲਾ, ਕਾਲੂ ਗਰਚਾ, ਸੰਦੀਪ ਬਦੇਸ਼ਾ, ਹੈਪੀ ਸਲਾਣਾ ਵਰਗੇ ਧਾਵੀ ਅਤੇ
ਭਿੰਦਾ ਭੈਰੋਮਾਜਰਾ, ਜ਼ੈਲਦਾਰ ਮੜੌਲੀ, ਦਰਸ਼ੀ ਬੱਸੀਆਂ, ਦਰਸ਼ੀ ਘਨੌਰ, ਹਰਮਨ
ਕੰਦੋਲਾ, ਜੱਗੀ ਮਨੈਲਾ, ਬਾਮੀ ਮੂਣਕ ਅਤੇ ਹਰੀ ਬਹਿਰਾਮਪੁਰ ਵਰਗੇ ਉੱਭਰਦੇ
ਜਾਫੀ ਖੇਡੇ ਪਰ ਇਹ ਮੈਚ ਸਾਢੇ 4 ਅੰਕਾਂ ਦੇ ਫਰਕ ਨਾਲ ਦਿੜ੍ਹਬਾ ਦੀ ਟੀਮ
ਨੇ ਜਿੱਤ ਲਿਆ। ਇਸ ਮੈਚ ਵਿੱਚ ਕੈਲਗਰੀ ਤੋਂ ਪਹੁੰਚੇ ਕਬੱਡੀ ਪ੍ਰਮੋਟਰ ਜਤਿੰਦਰ
ਸਹੇੜੀ ਨੇ ਇੱਕ-ਇੱਕ ਅੰਕ ਤੇ ਨੋਟਾਂ ਦੀ ਵਰਖਾ ਕੀਤੀ।
ਪਹਿਲਾ ਸੈਮੀਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ੇਰੇ ਪੰਜਾਬ ਕਬੱਡੀ
ਕਲੱਬ ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਕੋਦਰ ਦੇ ਧਾਵੀ ਗੁਰਲਾਲ
ਘਨੌਰ ਨੂੰ ਸੋਨੂੰ ਲੱਖਣ ਕਲਾਂ ਨੇ ਇੱਕ ਜੱਫਾ ਲਾਇਆ। ਯੋਧਾ ਬਿੱਲੀ ਭੁੱਲਰ
ਨੂੰ ਗੁਰਦੀਪ ਤਖੀਪੁਰ ਅਤੇ ਕਾਲਾ ਪਰਮਜੀਤਪੁਰ ਨੇ ਇੱਕ-ਇੱਕ ਜੱਫਾ ਲਾਇਆ।
ਪਿੰਕੂ ਖਹਿਰਾ ਅਤੇ ਹੈਪੀ ਰਸੂਲਪੁਰ ਨੂੰ ਇੱਕ-ਇੱਕ ਜੱਫਾ ਗੁਰਦੀਪ ਤਖੀਪੁਰ
ਨੇ ਲਾਇਆ। ਦੂਜੇ ਪਾਸੇ ਜਲੰਧਰ ਵੱਲੋਂ ਭਾਲਾ ਅੰਮ੍ਰਿਤਸਰ, ਇੰਦਾ ਨਿੱਝਰ,
ਸ਼ੀਪਾ ਗੁਰਦਾਸਪੁਰ, ਦੀਸ਼ਾ ਮਹੇੜੂ, ਮਨਮਿੰਦਰ ਸਰਾਂ, ਅਮਨ ਢੋਟੀਆਂ ਨੇ ਕਬੱਡੀਆਂ
ਪਾਈਆਂ। ਨਕੋਦਰ ਦੇ ਜਾਫੀ ਮੀਕਾ ਪਾਸਲਾ ਅਤੇ ਬੂਟਾ ਤਲਵਣ ਨੇ ਚਾਰ-ਚਾਰ ਜੱਫੇ,
ਜਿੰਦਰ ਖਾਨੋਵਾਲ ਨੇ ਤਿੰਨ ਜੱਫੇ, ਸਾਬੀ ਕੋਕਲਪੁਰ ਅਤੇ ਹੈਪੀ ਆਲੋਵਾਲ ਨੇ
ਦੋ-ਦੋ ਜੱਫੇ ਲਾ ਕੇ ਇਹ ਮੈਚ 20 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਫਾਈਨਲ
ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਅਤੇ ਬਾਬਾ
ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਦਿੜ੍ਹਬਾ ਦੇ ਧਾਵੀ ਫਿੱਡੂ ਝਨੀਰ ਨੂੰ ਰਾਜਾ ਸ਼ਾਹਪੁਰ
ਨੇ ਚਾਰ ਜੱਫੇ ਅਤੇ ਇੱਕ ਜੱਫਾ ਕਾਲਾ ਸੁਨੇਤ ਨੂੰ ਲਾ ਕੇ ਕੁੱਲ੍ਹ ਪੰਜ ਜੱਫੇ
ਲਾਏ। ਅਮਰਜੀਤ ਮਾਣੂੰਕੇ ਨੂੰ ਗੋਪੀ ਫਰੰਦੀਪੁਰ ਨੇ ਤਿੰਨ ਜੱਫੇ, ਰਾਜੂ ਨੰਗਲ
ਨੂੰ ਦੋ ਜੱਫੇ ਅਤੇ ਗੋਗੀ ਸਾਹੜ ਨੂੰ ਇੱਕ ਜੱਫਾ ਲਾ ਕੇ ਕੁੱਲ੍ਹ ਛੇ ਜੱਫੇ
ਲਾਏ। ਦੂਜੇ ਪਾਸੇ ਦਿੜ੍ਹਬਾ ਦੇ ਜਾਫੀ ਖੁਸ਼ੀ ਦਿੜ੍ਹਬਾ ਨੇ ਗੀਤਾ ਮੂਲਿਆਵਾਲੀਆ
ਅਤੇ ਘੋਗੜ ਮੰਦਰਾਂ ਵਾਲੇ ਨੂੰ ਤਿੰਨ-ਤਿੰਨ ਜੱਫੇ ਲਾਏ। ਮੌੜ ਕਕਰਾਲਾ ਨੇ
ਸੁਮਿੰਦਰ ਭਗਤਾ ਭਾਈ, ਗੀਤਾ ਮੂਲਿਆਵਾਲੀਆ, ਘੋਗੜ ਮੰਦਰਾਂ ਵਾਲਾ ਅਤੇ ਖਿਰਾਜੀ
ਪਿੱਥੋਂ ਨੂੰ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ ਚਾਰ ਜੱਫੇ ਲਾਏ। ਹਿੰਦਾ ਫੱਕਰਝੰਡਾ
ਨੇ ਸੁਮਿੰਦਰ ਭਗਤਾ ਭਾਈ ਅਤੇ ਘੋਗੜ ਨੂੰ ਇੱਕ-ਇੱਕ ਅਤੇ ਗੀਤੇ ਨੂੰ ਦੋ ਜੱਫੇ
ਲਾ ਕੇ ਕੁੱਲ੍ਹ ਚਾਰ ਜੱਫੇ ਲਾਏ ਇਸ ਲਈ ਇਹ ਮੈਚ 6 ਅੰਕਾਂ ਦੇ ਫਰਕ ਨਾਲ
ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਜਿੱਥੇ ਲੜਕੀਆਂ ਦੀਆਂ ਕਬੱਡੀ ਟੀਮਾਂ ਦਾ ਸ਼ੋਅ-ਮੈਚ
ਕਰਵਾਇਆ ਗਿਆ ਉੱਥੇ ਸ਼ੀਪਾ ਆਲਮਵਾਲਾ ਦੀਆਂ ਤਿਆਰ ਕੀਤੀਆਂ ਸਿੱਖ ਸਰਦਾਰ ਬੱਚਿਆਂ
ਦਾ ਕਬੱਡੀ ਦਾ ਸ਼ੋਅ-ਮੈਚ ਕਰਵਾਇਆ ਗਿਆ। ਉਸ ਤੋਂ ਬਾਅਦ ਕਬੱਡੀ ਦੇ ਉੱਭਰਦੇ
ਖਿਡਾਰੀ ਜਰਨੈਲ ਸਿੰਘ ਜੈਲਾ (ਦਸੂਹਾ) ਨੂੰ ਸ. ਗੁਰਇਕਬਾਲ ਸਿੰਘ ਆਸਟ੍ਰੇਲੀਆ
ਵੱਲੋਂ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਬਲਜਿੰਦਰ ਸਿੰਘ
ਕੀੜੀ ਨੇ ਦੰਦਾਂ ਨਾਲ ਇੱਕ ਕੁਇੰਟਲ ਵਜ਼ਨ ਚੁੱਕ ਕੇ ਦਰਸ਼ਕਾਂ ਨੂੰ ਹੈਰਾਨ
ਕਰ ਦਿੱਤਾ।
ਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ
ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਕੋਦਰ ਦੇ ਧਾਵੀ ਕੁਲਦੀਪ ਲੰਬੜ ਨੂੰ
ਖੁਸ਼ੀ ਦਿੜ੍ਹਬਾ ਅਤੇ ਹਿੰਦਾ ਫੱਕਰਝੰਡਾ ਨੂੰ ਇੱਕ-ਇੱਕ ਜੱਫਾ ਲਾਇਆ। ਪਿੰਕੂ
ਖਹਿਰਾ ਨੂੰ ਹਿੰਦਾ ਫੱਕਰਝੰਡਾ ਅਤੇ ਹੈਪੀ ਰਸੂਲਪੁਰ ਨੂੰ ਬੀਰਾ ਗਹਿਲਾ ਨੇ
ਇੱਕ-ਇੱਕ ਜੱਫਾ ਲਾਇਆ। ਇਸ ਟੀਮ ਦੇ ਧਾਵੀ ਯੋਧਾ ਬਿੱਲੀ ਭੁੱਲਰ ਨੇ 7 ਨਾਨ-ਸਟਾਪ
ਅਤੇ ਗੁਰਲਾਲ ਨੇ 15 ਨਾਨ-ਸਟਾਪ ਕਬੱਡੀਆਂ ਪਾਈਆਂ। ਦਿੜ੍ਹਬਾ ਵੱਲੋਂ ਫਿੱਡੂ
ਝਨੀਰ, ਅਮਰਜੀਤ ਮਾਣੂੰਕੇ, ਰਾਜੂ ਨੰਗਲ, ਗੋਗੀ ਸਾਹੜ, ਕਾਲਾ ਸੁਨੇਤ, ਜੱਗਾ
ਰਾਏਸਰ ਮਾਜਰੀ ਨੇ ਕਬੱਡੀਆਂ ਪਾਈਆਂ। ਨਕੋਦਰ ਦੇ ਜਾਫੀ ਮੀਕਾ ਪਾਸਲਾ ਨੇ
ਸੱਤ, ਹੈਪੀ ਆਲੋਵਾਲ ਨੇ ਛੇ ਜੱਫੇ ਅਤੇ ਬੂਟਾ ਤਲਵਣ ਨੇ ਤਿੰਨ ਜੱਫੇ ਲਾ
ਕੇ ਕੁੱਲ੍ਹ 16 ਜੱਫੇ ਲਾ ਕੇ ਇਹ ਮੈਚ 24 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ
ਕੇ ਚਮਕੌਰ ਸਾਹਿਬ ਦੇ ਤੀਜੇ ਕੱਪ ਦੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।
ਗੁਰਲਾਲ ਘਨੌਰ ਨੇ 15 ਨਾਨ-ਸਟਾਪ ਕਬੱਡੀਆਂ ਪਾਈਆਂ ਇਸ ਲਈ ਉਸ ਨੂੰ ਵਧੀਆ
ਧਾਵੀ ਅਤੇ ਮੀਕਾ ਪਾਸਲਾ ਨੇ 13 ਵਾਰ ਕੋਸ਼ਿਸ਼ ਕਰਕੇ ਸੱਤ ਜੱਫੇ ਲਾਏ ਇਸ ਲਈ
ਉਸ ਨੂੰ ਵਧੀਆ ਜਾਫੀ ਦਾ ਖਿਤਾਬ ਦਿੱਤਾ ਗਿਆ। ਗੁਰਲਾਲ ਘਨੌਰ ਦੀ ਕਬੱਡੀ
‘ਤੇ 21500 ਰੁਪਏ ਲੱਗੇ ਪਰ ਉਸ ਨੂੰ ਦਿੜ੍ਹਬੇ ਦਾ ਕੋਈ ਵੀ ਜਾਫੀ ਰੋਕ ਨਹੀਂ
ਸਕਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬੀਬੀ ਸਤਵੰਤ ਕੌਰ ਸੰਧੂ (ਸਾਬਕਾ
ਕੈਬਨਿਟ ਮੰਤਰੀ) ਅਤੇ ਡਾ. ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ
ਨੇ ਕੀਤੀ। ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੂੰ ਇੱਕ ਲੱਖ ਰੁਪਏ ਅਤੇ ਦਿੜ੍ਹਬਾ
ਦੀ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਇਸ ਕਬੱਡੀ ਕੱਪ ਵਿੱਚ ਸਟੇਜ ਸਕੱਤਰ ਦੀ ਡਿਊਟੀ ਕੇਸਰ ਸਿੰਘ ਸਾਬਕਾ ਪੰਚ
ਨੇ ਨਿਭਾਈ। ਟਾਈਮ ਕੀਪਰ ਦੀ ਡਿਊਟੀ ਸਾਰਾ ਹੀ ਦਿਨ ਸ. ਬਲਜੀਤ ਸਿੰਘ ਖਰੜ
ਨੇ ਨਿਭਾਈ। ਰੈਫਰੀਆਂ ਦੀ ਡਿਊਟੀ ਕੋਚ ਸੁਮਿੱਤਰ ਸਿੰਘ, ਕੋਚ ਜਿੰਦਰ ਖਾਨੋਵਾਲ,
ਕੋਚ ਪਰਮਜੀਤ ਸਿੰਘ, ਕੋਚ ਸੱਬਾ ਗੁਰਦਾਸਪੁਰ, ਕੋਚ ਪੱਪੂ ਕੰਡੀਲਾ, ਕੋਚ
ਪ੍ਰੋ: ਗੋਪਾਲ ਸਿੰਘ ਨੇ ਵਾਰੋ-ਵਾਰੀ ਨਿਭਾਈ। ਕੁਮੈਂਟਰੀ ਪ੍ਰੋ: ਮੱਖਣ ਸਿੰਘ
ਹਕੀਮਪੁਰ, ਸੁਰਜੀਤ ਸਿੰਘ ਕਕਰਾਲੀ ਅਤੇ ਕੁਲਵੀਰ ਸਮਰੌਲੀ ਨੇ ਵਾਰੋ-ਵਾਰੀ
ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਗੁਰਾਇਆਂ ਤੋਂ ਡਾਕਟਰ ਸੰਜੀਵ ਵੀ ਵਿਸ਼ੇਸ਼
ਤੌਰ ‘ਤੇ ਫਸਟਏਡ ਲਈ ਪਹੁੰਚੇ ਹੋਏ ਸਨ।
ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਵਾਲਿਆਂ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ
ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਮੁੱਖ ਸਰਪ੍ਰਸਤ ਕਰਮਜੀਤ ਸਿੰਘ ਕੰਮਾ,
ਜਸਵੀਰ ਸਿੰਘ ਤੂਰ (ਕੈਨੇਡਾ), ਪ੍ਰਧਾਨ ਕਬੱਡੀ ਅਕੈਡਮੀ ਦਰਸ਼ਨ ਸਿੰਘ ਯੂ.ਐੱਸ.ਏ.,
ਚੇਅਰਮੈਨ ਸੁਰਜੀਤ ਸਿੰਘ ਗਰਚਾ, ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ ਭੂਰਾ,
ਸੈਕਟਰੀ ਜਸਵਿੰਦਰ ਸਿੰਘ ਸ਼ਾਹੀ, ਕੈਸ਼ੀਅਰ ਕੁਲਵੰਤ ਸਿੰਘ, ਕੋਚ ਦਵਿੰਦਰ ਸਿੰਘ
ਮੜੌਲੀ ਕਲਾਂ, ਹੌਲਦਾਰ ਰਾਜ ਕੁਮਾਰ, ਸਮਾਜ ਸੇਵਕ ਅਵਤਾਰ ਘੁੰਮਣ, ਦਿਲਬਾਗ
ਸਿੰਘ ਨਾਗਰਾ (ਯੂ.ਐੱਸ.ਏ.), ਜਤਿੰਦਰ ਸਿੰਘ ਸਹੇੜੀ (ਕੈਲਗਰੀ), ਨਿਰਵਾਰ
ਸਿੰਘ ਡੈਨਮਾਰਕ, ਭੁਪਿੰਦਰ ਸਿੰਘ ਘੁੰਮਣ (ਯੂ.ਐੱਸ.ਏ.), ਕੋਚ ਪੰਮੀ ਯੂ.ਐੱਸ.ਏ.
ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਕਬੱਡੀ ਕੱਪ ਦੇ ਸੈਕਟਰੀ ਜਸਵਿੰਦਰ ਸਿੰਘ
ਸ਼ਾਹੀ ਦਾ ਭਾਵੇਂ ਐਕਸੀਡੈਂਟ ਹੋ ਗਿਆ ਸੀ ਪਰ ਫਿਰ ਵੀ ਉਸ ਨੇ ਜਿੱਥੇ ਇਸ
ਕਬੱਡੀ ਕੱਪ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਉੱਥੇ ਕਬੱਡੀ ਕੱਪ ਵਿੱਚ
ਪਲੱਸਤਰ ਲੱਗੇ ਹੋਣ ਕਰਕੇ ਵੀ ਪਹੁੰਚੇ। ਬਾਕੀ ਇਸ ਕਬੱਡੀ ਕੱਪ ਨੂੰ ਕਾਮਯਾਬ
ਕਰਨ ਵਾਲੇ ਅਕੈਡਮੀ ਦੇ ਖਿਡਾਰੀਆਂ ਜ਼ੈਲਦਾਰ ਮੜੌਲੀ, ਭਿੰਦਾ ਭੈਰੋਮਾਜਰਾ,
ਗੋਲੂ ਝਾੜ ਸਾਹਿਬ , ਕਾਲੂ ਗਰਚਾ, ਚੈਨਾ ਰੋਡੀਵਾਲਾ, ਸੰਦੀਪ ਬਦੇਸ਼ਾ, ਹਰਮਨ
ਕੰਦੋਲਾ, ਦਰਸ਼ੀ ਬੱਸੀਆਂ, ਲਾਲੀ ਖਾਨਪੁਰ, ਜੱਗੀ ਮਨੈਲਾ, ਹਰੀ ਬਹਿਰਾਮਪੁਰ,
ਬਾਸੀ ਮਾਣਕੀ, ਬਿੰਦਰ ਧਨੌਲਾ, ਜੱਗਾ ਧਨੌਲਾ, ਪਿੰਦਰ ਅਟਾਰੀ ਅਤੇ ਮੋਨੂੰ
ਕੰਦੋਲਾ ਨੇ ਵੀ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ। ਅੰਤ ਵਿੱਚ ਇਸ ਕਬੱਡੀ
ਕੱਪ ਦੇ ਪ੍ਰਧਾਨ ਦਰਸ਼ਨ ਸਿੰਘ ਯੂ.ਐੱਸ.ਏ. ਅਤੇ ਚੇਅਰਮੈਨ ਸੁਰਜੀਤ ਸਿੰਘ
ਗਰਚਾ ਨੇ ਬਾਹਰੋਂ-ਆਏ ਮੁੱਖ ਮਹਿਮਾਨਾਂ, ਦਰਸ਼ਕਾਂ ਅਤੇ ਕਬੱਡੀ ਖਿਡਾਰੀਆ
ਧੰਨਵਾਦ ਕਰਦਿਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।
ਜਸਵੰਤ ਸਿੰਘ ਖੜਗ
98146-66057
|